ਫ਼ਤਿਹਵੀਰ ਦੀ ਮੌਤ ਤੋਂ ਬਾਅਦ ਵਿਰੋਧੀਆਂ ਨੇ ਘੇਰਿਆ ਕੈਪਟਨ

Jun 12, 2019


ਫ਼ਤਿਹਵੀਰ ਦੀ ਮੌਤ ਤੋਂ ਬਾਅਦ ਵਿਰੋਧੀਆਂ ਵਲੋਂ ਕੈਪਟਨ ਸਰਕਾਰ ਤੇ ਤਿੱਖੇ ਸ਼ਬਦੀ ਹਮਲ ਜਾ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੀ ਨਾਲਾਇਕੀ ਕਾਰਨ ਬੋਰਵੈਲ 'ਚ ਡਿੱਗੇ ਫ਼ਤਿਹਵੀਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ।


ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੇ ਪਹਿਲੇ ਦਿਨ ਤੋਂ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ, ਚੰਦੂਮਾਜਰਾ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਹੱਥਾਂ ਨਾਲ ਖੁਦਾਈ ਕਰਕੇ ਬੱਚੇ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜੋ ਕਿ ਸਹੀ ਤਰੀਕਾ ਨਹੀਂ ਸੀ, ਸਰਕਾਰ ਨੂੰ ਕਿਸੇ ਤਕਨੀਕੀ ਮਾਹਰ ਨੂੰ ਸੱਦਣਾ ਚਾਹੀਦਾ ਸੀ, ਪਰ ਅਫਸੋਸ ਸਰਕਾਰ ਨੇ ਇਹ ਲੋੜੀਂਦੇ ਕਦਮ ਨਹੀਂ ਚੁੱਕੇ, ਜਿਸ ਕਾਰਨ ਫ਼ਤਿਹਵੀਰ ਨੂੰ ਬੋਰਵੈੱਲ ਚੋਂ ਜ਼ਿੰਦਾ ਬਾਹਰ ਨਹੀਂ ਕੱਢਿਆ ਜਾ ਸਕਿਆ।


ਇਸ ਤੋਂ ਇਲਾਵਾ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਫ਼ਤਿਹਵੀਰ ਮਾਮਲੇ 'ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਟੀਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੇਸੀ ਤਰੀਕੇ ਨਾਲ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਜੋ ਕਿ ਸਹੀ ਤਰੀਕਾ ਨਹੀਂ ਸੀ।


ਕੈਪਟਨ ਸਰਕਾਰ ਤੇ ਦੋਸ਼ ਲਾਉਣ ਤੋਂ ਇਲਾਵਾ ਅਕਾਲੀ ਵਿਧਾਇਕ ਨੇ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ ਹੈ, ਉਨ੍ਹਾਂ ਕਿਹਾ ਕਿ ਭਗਵੰਤ ਮਾਨ ਘਟਨਾਸਥਲ ਤੇ ਜ਼ਿਆਦਾ ਸਮਾਂ ਨਹੀਂ ਆਏ, ਜਿਸ ਤੋਂ ਸਾਫ਼ ਪਤਾ ਲੱਗਦਾ ਕਿ ਭਗਵੰਤ ਮਾਨ ਕੇਵਲ ਚੋਣਾਂ ਵੇਲੇ ਹੀ ਲੋਕਾਂ 'ਚ ਜਾਂਦੇ ਹਨ ।


Categories