ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪ੍ਰਵਾਨ

Aug 09, 2019ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਪ੍ਰਵਾਨ ਕਰ ਲਿਆ ਗਿਆ, ਜਿਸ ਮਗਰੋਂ ਫੂਲਕਾ ਪੰਜਾਬ ਵਿਧਾਨ ਸਭਾ ਦਾ ਹਿੱਸਾ ਨਹੀਂ ਰਹੇI

ਜਿਕਰਯੋਗ ਹੈ ਕਿ ਫੂਲਕਾ ਨੇ ਬੀਤੇ ਸਾਲ ਅਕਤੂਬਰ ਮਹੀਨੇ 'ਚ ਇਹ ਕਹਿੰਦੇ ਹੋਏ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿ ਕੈਪਟਨ ਸਰਕਾਰ, ਕੋਟਕਪੂਰਾ ਗੋਲ਼ੀਕਾਂਡ ਅਤੇ ਬੇਅਦਬੀ ਮਾਮਲਿਆ ਸੰਬੰਧੀ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈI

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਕਾਰਨ ਫੂਲਕਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਤਿਆਗ ਪੱਤਰ ਸੌਂਪਿਆ ਸੀ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਸ ਉਤੇ ਕੋਈ ਫੈਸਲਾ ਨਹੀਂ ਲਿਆ ਗਿਆI

ਜਿਸ ਕਾਰਨ ਫੂਲਕਾ ਨੇ ਇਸ ਮਾਮਲੇ ਤੇ ਸਖਤ ਰੁਖ ਅਪਣਾਉਂਦੇ ਹੋਏ ਸੁਪਰੀਮ ਕੋਰਟ ਵਿਚ ਜਾਣ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਸਪੀਕਰ ਨੇ ਉਹਨਾਂ ਦਾ ਅਸਤੀਫਾ ਮਨਜੂਰ ਕਰ ਲਿਆ ਹੈ, ਦੱਸਦੀਏ ਕਿ ਫੂਲਕਾ ਦਾ ਅਸਤੀਫਾ ਪ੍ਰਵਾਨ ਹੋਣ ਤੇ ਸਿਆਸੀ ਆਗੂਆਂ ਦੀਆਂ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇI

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਕਿ ਚੰਗੀ ਗੱਲ ਹੈ ਕਿ ਸਪਕੀਰ ਨੂੰ ਜਾਗ ਆਈ ਤੇ ਉਹਨਾਂ ਨੇ ਫੂਲਕਾ ਦੇ ਅਸਤੀਫੇ ਨੂੰ ਮਨਜੂਰ ਕੀਤਾ, ਅਕਾਲੀ ਆਗੂ ਨੇ ਕਿਹਾ ਕਿ ਸਪੀਕਰ ਨੂੰ ਕਾਨੂੰਨ ਮੁਤਾਬਕ ਕੰਮ ਕਰਦੇ ਹੋਏ ਆਮ ਆਦਮੀ ਪਾਰਟੀ ਵਿਚੋਂ ਅਸਤੀਫਾ ਦੇ ਚੁੱਕੇ ਬਾਕੀ ਵਿਧਾਇਕਾਂ ਦੇ ਅਸਤੀਫੇ ਵੀ ਤੁੰਰਤ ਪ੍ਰਵਾਨ ਕਰਨੇ ਚਾਹੀਦੇ ਹਨ, ਤਾਂ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇI