ਮੰਦਰ ਢਾਉਣ ਦੇ ਮਾਮਲੇ ' ਚ ਅਕਾਲੀ ਦਲ ਦਾ ਵਫ਼ਦ ਸਰਕਾਰ ਨੂੰ ਮਿਲੇਗਾ

Aug 13, 2019


ਦਿੱਲੀ 'ਚ ਸ੍ਰੀ ਗੁਰੂ ਰਵੀਦਾਸ ਮੰਦਰ ਨੂੰ ਤੋੜੇ ਜਾਣ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖਤ ਸ਼ਬਦਾਂ 'ਚ ਵਿਰੋਧ ਜਤਾਇਆ ਏ ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਗੰਭੀਰ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕਰੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਮੰਦਰ ਢਾਹੁਣ ਦੀ ਕਾਰਵਾਈ ਕਾਨੂੰਨੀ ਅਤੇ ਧਾਰਮਿਕ ਦੋਵਾਂ ਪੱਖਾਂ ਤੋਂ ਨਾਜਾਇਜ਼ ਹੈ ਅਤੇ ਇਸ ਸੰਵੇਦਨਸ਼ੀਲ ਮੁੱਦੇ ਦੇ ਹੱਲ ਲਈ ਜਲਦ ਕਦਮ ਚੁੱਕੇ ਜਾਣੇ ਜ਼ਰੂਰੀ ਨੇ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਸਿੱਖ ਕੌਮ ਸਤਿਕਾਰਤ ਧਾਰਮਿਕ ਹਸਤੀਆਂ ਵਿਰੁੱਧ ਕਾਰਵਾਈਆਂ ਬਰਦਾਸ਼ਤ ਨਹੀਂ ਕਰੇਗੀ। ਸੁਖਬੀਰ ਸਿੰਘ ਬਾਦਲ ਨੇ ਮੰਦਰ ਦੀ ਮੁੜ ਸਥਾਪਤੀ ਲਈ ਕਾਨੂੰਨੀ ਮਦਦ ਦੇ ਨਾਲ ਨਾਲ ਪਾਰਟੀ ਖ਼ਰਚ 'ਤੇ ਇਤਿਹਾਸਕ ਮੰਦਰ ਦੀ ਇਮਾਰਤ ਦੁਬਾਰਾ ਬਣਾਉਣ ਵਿੱਚ ਅਸੀਂ ਹਰ ਮਦਦ ਦੇਣ ਦਾ ਭਰੋਸਾ ਵੀ ਦਿੱਤਾ I