ਟਾਈਮਜ਼ ਮੈਗ਼ਜ਼ੀਨ ਨੇ ਮੋਦੀ ਨੂੰ ਦੱਸਿਆ ਭਾਰਤ 'ਚ ਫੁੱਟ ਪਾਉਣ ਵਾਲਾ ਲੀਡਰ

May 11, 2019


ਦੇਸ਼ 'ਚ ਚੋਣਾਂ ਦੇ ਮਾਹੌਲ 'ਚ ਅਮਰੀਕਾ ਦੀ ਮਸ਼ਹੂਰ ਮੈਗ਼ਜ਼ੀਨ ਟਾਈਮਜ਼ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈ ਕੇ ਇੱਕ ਕਵਰ ਸਟੋਰੀ ਕੀਤੀ ਹੈ, ਮੈਗ਼ਜ਼ੀਨ ਦੇ ਕਵਰ ਪੇਜ਼ 'ਤੇ ਮੋਦੀ ਦੀ ਤਸਵੀਰ ਦੇ ਨਾਲ ਲਿਖਿਆ ਹੈ ‘India’s Divider in Chief’ ਭਾਵ ਮੋਦੀ ਨੂੰ ਦੇਸ਼ 'ਚ ਫੁੱਟ ਪਾਉਣ ਵਾਲਾ ਲੀਡਰ ਦੱਸਿਆ ਗਿਆ ਹੈ।


ਇਸ ਲੇਖ ਨੂੰ ਪੱਤਰਕਾਰ ਆਤਿਸ਼ ਤਾਸੀਰ ਨੇ ਲਿਖਿਆ ਹੈ, ਲੇਖ ਵਿੱਚ ਪੱਤਰਕਾਰ ਨੇ ਤੁਰਕੀ, ਬ੍ਰਾਜ਼ੀਲ, ਬ੍ਰਿਟੇਨ ਅਤੇ ਅਮਰੀਕਾ ਨਾਲ ਭਾਰਤੀ ਲੋਕਤੰਤਰ ਦੀ ਤੁਲਨਾ ਕੀਤੀ ਹੈ। ਆਤਿਸ਼ ਤਾਸੀਰ ਨੇ ਲੇਖ ਵਿੱਚ ਪੁੱਛਿਆ ਹੈ ਕਿ  "ਕੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ ਪੰਜ ਸਾਲ ਹੋਰ ਮੋਦੀ ਸਰਕਾਰ ਨੂੰ ਸਹਿ ਸਕਦਾ ਹੈ?"


ਮੈਗ਼ਜ਼ੀਨ 'ਚ ਲਿਖੇ ਲੇਖ ਮੁਤਾਬਿਕ ਮੋਦੀ ਸਰਕਾਰ ਆਪਣੇ ਕਾਰਜਕਾਲ ਦੌਰਾਨ ਕੋਈ ਵੀ ਆਰਥਿਕ ਨੀਤੀਆਂ 'ਚ ਸਫ਼ਲ ਨਹੀਂ ਹੋਈ, ਲੇਖ ਵਿੱਚ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਮੋਦੀ ਦੀ ਦੰਗਿਆਂ ਵਿੱਚ ਚੁੱਪੀ ਬਾਰੇ ਵੀ ਲਿਖਿਆ ਹੈ, ਇਸ ਵਿੱਚ ਗਊਆਂ ਦੇ ਨਾਮ 'ਤੇ ਹੋਈ ਹਿੰਸਾ ਦਾ ਵੀ ਜ਼ਿਕਰ ਕੀਤਾ ਹੈ।