ਦੇਸ਼ ਤੋਂ ਮੁਆਫ਼ੀ ਮੰਗਣ ਸੈਮ ਪਿਤਰੋਦਾ- ਰਾਹੁਲ ਗਾਂਧੀ

May 14, 2019


ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 1984 ਸਿੱਖ ਕਤਲੇਆਮ ਤੇ ਦਿੱਤੇ ਬਿਆਨ ਲਈ ਕਾਂਗਰਸੀ ਆਗੂ ਸੈਮ ਪਿਤਰੋਦਾ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਪੰਜਾਬ ਦੌਰੇ ਤੇ ਲੁਧਿਆਣਾ ਪਹੁੰਚੇ ਰਾਹੁਲ ਗਾਂਧੀ ਨੇ ਜਨਤਾ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੈਮ ਪਿਤਰੋਦਾ ਨੂੰ ਆਪਣੇ ਬਿਆਨ ਲਈ ਮਾਫੀ ਮੰਗਣ ਲਈ ਕਿਹਾ ਹੈ।


ਰਾਹੁਲ ਗਾਂਧੀ ਨੇ ਕਿਹਾ ਕਿ ਸੈਮ ਪਿਤਰੋਦਾ ਦੇ ਗਲਤ ਬਿਆਨ ਕਾਰਨ ਸਿੱਖ ਸਮਾਜ ਨਾਲ ਜੁੜੇ ਲੋਕਾਂ ਦੇ ਮਨ ਨੂੰ ਠੇਸ ਪੁੱਜੀ ਸੀ, ਜਿਸ ਕਾਰਨ ਸੈਮ ਪਿਤਰੋਦਾ ਖਿਲਾਫ ਪਾਰਟੀ ਨੇ ਸਖਤ ਰੁਖ ਅਖਤਿਆਰ ਕੀਤਾ ਹੈ।


ਸੈਮ ਪਿਤਰੋਦਾ ਦੇ ਬਿਆਨ ਤੇ ਚੁੱਪੀ ਤੋੜਣ ਤੋਂ ਇਲਾਵਾ ਪੰਜਾਬ ਦੌਰੇ ਤੇ ਆਏ ਰਾਹੁਲ ਗਾਂਧੀ ਨੇ ਵੱਖ-ਵੱਖ ਹਲਕਿਆਂ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ, ਜਿਸ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ।


ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਜਨਤਾ ਨੂੰ ਧੋਖਾ ਦਿੱਤਾ ਹੈ, 2 ਕਰੋੜ ਨੌਕਰੀਆਂ ਤੇ 15 ਲੱਖ ਰੁਪਏ ਬੈਂਕ ਖਾਤਿਆਂ 'ਚ ਪਾਉਣ ਦਾ ਵਾਅਦਾ ਕਰਨ ਵਾਲੇ ਮੋਦੀ ਨੇ ਆਪਣੇ ਕਿਸੇ ਵਾਅਦੇ ਨੂੰ ਪੂਰਾ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦੀ ਦਿੱਲੀ ਤੋਂ ਵਿਦਾਇਗੀ ਹੋਣੀ ਬਿਲਕੁਲ ਤੈਅ ਹੈ।