ਸੁਖਪ੍ਰੀਤ ਬੁੱਢਾ ਮਾਮਲੇ ‘ਚ 23 ਵਿਅਕਤੀ ਗ੍ਰਿਫਤਾਰ, 36 ਹਥਿਆਰ ਬਰਾਮਦ- ਡੀਜੀਪੀ

Feb 14, 2020




ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਕੈਟਾਗਰੀ 'ਏ' ਦੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨਾਲ ਸਬੰਧਤ ਮਾਮਲਿਆਂ ਦੀ ਅਗਲੇਰੀ ਜਾਂਚ ਵਿੱਚ ਪੰਜਾਬ ਪੁਲਿਸ ਨੇ ਫਿਰੋਜਪੁਰ ਰੇਂਜ ਅਤੇ ਇਸ ਦੇ ਨਾਲ ਲੱਗਦੇ ਸੂਬੇ ਹਰਿਆਣਾ ਅਤੇ ਰਾਜਸਥਾਨ ਵਿੱਚ ਛਾਪਿਆਂ ਦੌਰਾਨ 23 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 36 ਹਥਿਆਰ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਮੁਲਜਮਾਂ ਦੇ ਹੋਰ ਸੰਪਰਕਾਂ ਦੀ ਪਛਾਣ ਅਤੇ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਜਾਰੀ ਹੈ।

ਉਨ੍ਹਾਂ ਕਿਹਾ ਕਿ ਹਥਿਆਰ ਡੀਲਰਾਂ ਵੱਲੋਂ ਹਥਿਆਰਾਂ ਦੀ ਗੈਰਕਾਨੂੰਨੀ ਸਪਲਾਈ 'ਤੇ ਇਕ ਵੱਡੀ ਕਾਰਵਾਈ ਦੌਰਾਨ ਵੱਖ ਵੱਖ ਅਪਰਾਧੀਆਂ, ਜਿਹਨਾਂ ਨੂੰ ਛਾਪਿਆਂ ਦੌਰਾਨ ਗ੍ਰਿਫਤਾਰ ਕੀਤਾ ਗਿਆ, ਕੋਲੋਂ 30 ਹਥਿਆਰ ਬਰਾਮਦ ਹੋਏ ਹਨ। ਨਾਜਾਇਜ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਕਈ ਅਸਲਾ ਡੀਲਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਰੇਲੀ ਜਾਂਚ ਜਾਰੀ ਹੈ।

ਅਸਲਾ ਡੀਲਰਾਂ ਅਤੇ ਲਾਇਸੈਂਸ ਧਾਰਕਾਂ ਦੁਆਰਾ ਹਥਿਆਰਾਂ ਅਤੇ ਗੋਲੀ ਸਿੱਕੇ ਦੇ ਭੰਡਾਰ, ਵਿਕਰੀ ਤੇ ਖਰੀਦ ਵਿਚ ਵੱਡੇ ਪੱਧਰ 'ਤੇ ਉਣਤਾਈਆਂ ਦਾ ਗੰਭੀਰ ਨੋਟਿਸ ਲੈਂਦਿਆਂ ਸੂਬਾ ਪੁਲਿਸ ਵੱਲੋਂ ਸੂਬੇ ਭਰ ਦੇ ਅਸਲਾ ਡੀਲਰਾਂ ਅਤੇ ਲਾਇਸੈਂਸ ਸਾਖਾਵਾਂ ਦੇ ਕੰਮਕਾਜ ਦਾ ਆਡਿਟ ਵੀ ਕੀਤਾ ਜਾ ਰਿਹਾ ਹੈ।

ਕਾਬਲੇਗੌਰ ਹੈ ਕਿ ਪੰਜਾਬ ਪੁਲੀਸ ਦੇ ਨਿਰੰਤਰ ਯਤਨਾਂ ਸਦਕਾ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਅਰਮੀਨੀਆ ਤੋਂ ਡਿਪੋਰਟ ਹੋਣ ਬਾਅਦ ਉਸਨੂੰ ਨਵੰਬਰ, 2019 ਵਿੱਚ ਨਵੀਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ । ਉਸਨੇ ਕਈ ਖੁਲਾਸੇ ਕੀਤੇ, ਜਿਸ ਨਾਲ ਸੂਬਾ ਪੁਲਿਸ ਨੇ ਪੰਜਾਬ ਵਿੱਚ ਅਣਸੁਲਝੇ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ਦੇ ਨਾਲ-ਨਾਲ ਬਹੁਤ ਸਾਰੇ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ।