ਪਤਨੀਆਂ ਨੂੰ ਚੋਣਾਂ 'ਚ ਜਿਤਾਉਣ ਲਈ ਬਾਦਲ ਅਤੇ ਕੈਪਟਨ ਦੀ ਹੋਈ ਸੈਟਿੰਗ !

May 16, 2019


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਤੇ ਬਾਦਲ ਪਰਿਵਾਰ 'ਤੇ ਰਲ ਕੇ ਚੋਣਾਂ ਲੜਨ ਦਾ ਦੋਸ਼ ਲਗਾਇਆ ਹੈ, ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਹੱਕ 'ਚ ਪ੍ਰਚਾਰ ਕਰਨ ਲਈ ਪਹੁੰਚੇ ਕੇਜਰੀਵਾਲ ਨੇ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਅਤੇ ਕੈਪਟਨ ਨੇ ਆਪਸ ਵਿੱਚ ਸੈਟਿੰਗ ਕੀਤੀ ਹੋਈ ਹੈ ਕਿ ਕੈਪਟਨ ਸਾਬ ਸੁਖਬੀਰ ਬਾਦਲ ਦੀ ਪਤਨੀ ਨੂੰ ਬਠਿੰਡਾ ਤੋਂ ਜਿਤਾ ਦੇਣ ਅਤੇ ਉਸਦੇ ਬਦਲੇ ਵਿੱਚ ਸੁਖਬੀਰ ਬਾਦਲ ਕੈਪਟਨ ਦੀ ਪਤਨੀ ਨੂੰ ਜਿਤਵਾਉਣਗੇ। ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਦੋਵਾਂ ਰਵਾਇਤੀ ਪਾਰਟੀਆਂ ਨੂੰ ਵੋਟਾਂ ਨਾ ਪਾ ਕੇ ਬਾਏ-ਬਾਏ ਕਰ ਦਿਓ।


ਕੇਜਰੀਵਾਲ ਨੇ ਦਿੱਲੀ ਵਿੱਚ ਕੀਤੇ ਆਪਣੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪ ਨੂੰ ਵੋਟਾਂ ਪਾ ਕੇ ਜਿਤਾ ਦਿਓ ਤਾਂ ਜੋ ਅਸੀਂ ਪੰਜਾਬ ਵਿੱਚ ਵੀ ਦਿੱਲੀ ਵਾਂਗ ਸਰਕਾਰੀ ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਦੀ ਹਾਲਤ ਸੁਧਾਰ ਸਕੀਏ। ਕੇਜਰੀਵਾਲ ਨੇ ਹਰਸਿਮਰਤ ਬਾਦਲ 'ਤੇ ਨਿਸ਼ਾਨਾ ਸਾਧਿਆ 'ਤੇ ਕਿਹਾ ਕਿ ਬੀਬਾ ਬਾਦਲ ਕੇਂਦਰੀ ਮੰਤਰੀ ਹੋ ਕੇ ਵੀ ਪੰਜਾਬ ਦੇ ਵਿਕਾਸ 'ਚ ਕੋਈ ਯੋਗਦਾਨ ਨਹੀਂ ਪਾ ਸਕੀ।


ਕੇਜਰੀਵਾਲ ਨੇ ਭਗਵੰਤ ਮਾਨ ਦੀ ਸਿਫ਼ਤ ਕਰਦਿਆਂ ਕਿਹਾ ਕਿ ਮਾਨ ਸੰਸਦ 'ਚ ਹਰੇਕ ਮੁੱਦਾ ਚੁੱਕਦਾ ਹੈ, ਮਾਨ ਨੇ ਸਾਹਿਬਜ਼ਾਦਿਆਂ ਨੂੰ ਸੰਸਦ ਵਿੱਚ ਸ਼ਰਧਾਂਜਲੀ ਦਿਵਾਉਣ ਦੀ ਸ਼ੁਰੂਆਤ ਕੀਤੀ। ਕੇਜਰੀਵਾਲ ਨੇ ਦੋਵਾਂ ਰਵਾਇਤੀ ਪਾਰਟੀਆਂ 'ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ 'ਤੇ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦਾ ਬਚਾਅ ਕਰ ਰਿਹਾ ਹੈ।